ਮੋਗਾ ( ਮਨਪ੍ਰੀਤ ਸਿੰਘ /ਗੁਰਜੀਤ ਸੰਧੂ )
ਜਾਨਵਰਾਂ ਤੋਂ ਮਨੁੱਖਾਂ ਵਿਚ ਫੈਲਣ ਵਾਲੀਆਂ ਬਿਮਾਰੀਆਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਸਿਹਤ ਵਿਭਾਗ, ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜਿਲ੍ਹਾ ਪਸ਼ੂ ਪਾਲਣ ਵਿਭਾਗ ਅਤੇ ਸਿਹਤ ਵਿਭਾਗ ਵੱਲੋਂ ਪਸ਼ੂ ਹਸਪਤਾਲ ਵਿਖੇ ਵਿਸ਼ਵ ਜ਼ੂਨੋਸਿਸ ਦਿਵਸ ਮਨਾਇਆ ਅਤੇ ਪਸ਼ੂਆਂ ਤੋਂ ਹੋਣ ਵਾਲੀਆਂ ਬਿਮਾਰੀਆਂ ਬਾਰੇ ਜਾਗਰੂਕਤਾ ਫੈਲਾਈ। ਇਸ ਪ੍ਰੋਗਰਾਮ ਦੀ ਪ੍ਰਧਾਨਗੀ ਡਿਪਟੀ ਡਾਇਰਕੈਟਰ ਪਸ਼ੂ ਪਾਲਣ ਵਿਭਾਗ ਮੋਗਾ ਡਾ. ਹਰਵੀਨ ਕੌਰ ਅਤੇ ਡਾ. ਹਾਈ ਗੋਪਾਲ ਨੇ ਕੀਤੀ।
ਇਸ ਮੌਕੇ ਡਿਪਟੀ ਡਾਇਰੈਕਟਰ ਡਾ. ਹਰਵੀਨ ਕੌਰ ਨੇ ਜਾਨਵਰਾਂ ਤੋਂ ਹੋਣ ਵਾਲੀਆਂ ਬਿਮਾਰੀਆਂ, ਇਹਨਾਂ ਦੀ ਰੋਕਥਾਮ ਅਤੇ ਬਚਾਅ ਲਈ ਜਾਗਰੂਕ ਕੀਤਾ ਗਿਆ। ਉਨਾਂ ਕਿਹਾ ਕਿ ਜ਼ੂਨੋਟਿਕ ਬਿਮਾਰੀਆਂ ਜਾਨਵਰਾਂ ਵਿਚ ਪੈਦਾ ਹੁੰਦੀਆਂ ਹਨ ਅਤੇ ਮਨੁੱਖਾਂ ਵਿਚ ਫੈਲ ਜਾਂਦੀਆਂ ਹਨ। ਰੋਗ ਵਾਲੇ ਜਾਨਵਰ ਦੇ ਕੱਟਣ ਨਾਲ ਜਾਂ ਰੋਗ ਵਾਲੇ ਜਾਨਵਰ ਦੇ ਸਰੀਰਕ ਤਰਲ ਪਦਾਰਥਾਂ ਦੇ ਸੰਪਰਕ ਵਿਚ ਆਉਣ ਨਾਲ ਇਹ ਬਿਮਾਰੀ ਫੈਲਦੀ ਹੈ। ਉਨ੍ਹਾਂ ਕਿਹਾ ਕਿ ਜਾਨਵਰਾਂ ਤੋਂ ਵਾਇਰਸ, ਬੈਕਟੀਰੀਆਂ, ਫੰਜਾਈ, ਪ੍ਰਰਾਈਓਨ ਜਾਂ ਪਰਜੀਵੀਆਂ ਰਾਹੀਂ ਬਿਮਾਰੀਆਂ ਮਨੁੱਖੀ ਸਰੀਰ ਅੰਦਰ ਪ੍ਰਵੇਸ਼ ਕਰ ਜਾਂਦੀਆਂ ਹਨ, ਸਿਹਤ ਸਹੂਲਤਾਂ ਦੀ ਘਾਟ ਵਾਲੇ ਖੇਤਰਾਂ ਵਿਚ ਰੋਗ ਫੈਲਣ ਦਾ ਖ਼ਤਰਾ ਵੱਧ ਹੁੰਦਾ ਹੈ। ਉਹਨਾਂ ਦੱਸਿਆ ਕਿ ਸਾਡੇ ਆਲੇ ਦੁਆਲੇ ਵੀ ਪਾਲਤੂ , ਜੰਗਲੀ ਅਤੇ ਅਵਾਰਾ ਘੁੰਮਣ ਵਾਲੇ ਜਾਨਵਰ ਅਤੇ ਪੰਛੀ ਹੁੰਦੇ ਹਨ, ਪਰ ਸਾਨੂੰ ਅੱਜ ਦੇ ਸਮੇਂ ਵਿੱਚ ਇੰਨਾਂ ਤੋਂ ਹੋਣ ਵਾਲੀਆਂ ਬਿਮਾਰੀਆਂ ਦਾ ਪਤਾ ਹੋਣਾ ਜਰੂਰੀ ਹੈ। ਸਭ ਤੋਂ ਪਹਿਲਾਂ ਬੈਕਟੀਰੀਅਲ ਬਿਮਾਰੀਆਂ ਜਿਵੇਂ ਕਿ ਸਲਮੋਨੇਲਾ (ਟਾਈਫਾਈਡ), ਬਰੂਸੈਲਾ, ਪਲੈਗ, ਅੰਥਰੈਕਸ, ਈ ਕੌਲੀ, ਟੈਟਨਸ ਆਦਿ। ਵਿਸ਼ਾਣੂਆਂ ਤੋਂ ਹੋਣ ਵਾਲੀਆਂ ਬਿਮਾਰੀਆਂ ਵਿੱਚ ਰੇਬੀਜ਼, ਯੇਲੋ ਫੀਵਰ, ਬਰਡ ਫਲੂ, ਸਵਾਈਨ ਫਲੂ ਸ਼ਾਮਿਲ ਹਨ। ਰਿਕਟਸਿਆ ਤੋਂ ਹੋਣ ਵਾਲੀਆਂ ਬਿਮਾਰੀਆਂ ਵਿੱਚ ਟਿਕ ਫੀਵਰ, ਕੁਓ ਫੀਵਰ, ਸਿੱਟਾਕੋਸਿਸ, ਲੈਪਟੇਸਪਰਸਿਸ ਸ਼ਾਮਿਲ ਹਨ। ਪਰਜੀਵੀਆਂ ਤੋ ਹੋਣ ਵਾਲੀਆਂ ਬਿਮਾਰੀਆਂ ਵਿੱਚ ਟੋਕਸੋਪਲਾਸਮੋਸਿਸ, ਲਿਸਟਰਿਓਸਿਸ ਪੇਟ ਦੇ ਕੀੜੇ ਸ਼ਾਮਿਲ ਹਨ।
ਇਸ ਮੌਕੇ ਉਨ੍ਹਾਂ ਬਿਮਾਰੀਆਂ ਤੋਂ ਬਚਾਅ ਦੇ ਉਪਾਅ ਵੀ ਦੱਸੇ ਜਿਵੇਂ ਕਿ ਆਪਣੇ ਪਾਲਤੂ ਜਾਨਵਰਾਂ ਪੰਛੀਆਂ ਦੀ ਸਾਫ-ਸਫਾਈ ਦਾ ਖਾਸ ਖਿਆਲ ਰੱਖਣਾ, ਆਪਣੇ ਆਲੇ-ਦੁਆਲੇ ਦੀ ਸਫਾਈ ਦਾ ਖਾਸ ਖਿਆਲ ਰੱਖਣਾ, ਕੱਚੇ ਦੁੱਧ ਅਤੇ ਹੋਰ ਡੇਅਰੀ ਪ੍ਰੋਡਕਟਸ ਦੀ ਵਰਤੋਂ ਕਰਦੇ ਸਮੇਂ ਧਿਆਨ ਰੱਖਣਾ। ਉਹਨਾਂ ਕਿਹਾ ਕਿ ਦੁੱਧ ਹਮੇਸ਼ਾ ਉਬਾਲਿਆ ਹੀ ਵਰਤਿਆ ਜਾਵੇ, ਫਲ-ਸਬਜ਼ੀਆਂ ਧੋਕੇ ਕੇ ਸੁਕਾ ਕੇ ਵਰਤੀਆਂ ਜਾਣ, ਪਾਲਤੂ ਜਾਨਵਰਾਂ ਨੂੰ ਡਾਕਟਰ ਕੋਲ ਹਰ ਤਿੰਨ ਮਹੀਨੇ ਬਾਅਦ ਚੈੱਕ ਕਰਵਾਉਣਾ, ਛੋਟੇ ਬੱਚਿਆਂ ਨੂੰ ਕੁੱਤੇ ਬਿੱਲੀ ਤੋਤੇ ਆਦਿ ਤੋਂ ਦੂਰ ਰੱਖਣਾ, ਜਾਨਵਰਾਂ ਦੇ ਮਲ ਮੂਤਰ ਨੂੰ ਚੰਗੀ ਤਰ੍ਹਾਂ ਡਿਸਪੋਜ਼ ਕਰੋ, ਇਸ ਤੋਂ ਇਲਾਵਾ ਹਮੇਸ਼ਾ ਹੱਥਾਂ ਦੀ ਸਫ਼ਾਈ ਰੱਖਣੀ ਚਾਹੀਦੀ ਹੈ।
ਇਸ ਮੌਕੇ ਡਾ ਡਾ. ਹਾਈ ਗੋਪਾਲ, ਡਾ. ਨਰੇਸ਼ ਆਮਲਾ ਜ਼ਿਲ੍ਹਾ ਐਪਿਡੈਮੋਲੋਸਿਟ ਅਤੇ ਵਪਿੰਦਰ ਸਿੰਘ ਇੰਨਸੈਕਟ ਕੁਲੈਕਟਰ ਵੀ ਹਾਜ਼ਰ ਸਨ।
Leave a Reply